Designed And Powered By Manish Kalia 9888885014 Ⓒ Copyright @ 2023 - All Rights Reserved


 

ਨਗਰ ਨਿਗਮ ਨੇ ਫੋਕਲ ਪੁਆਇੰਟ ਇਲਾਕਿਆਂ ਤੋਂ 40 ਤੋਂ ਵੱਧ ਕਬਜ਼ੇ ਹਟਾਏ; ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਮੁਹਿੰਮ


ਲੁਧਿਆਣਾ  ( Rajan ):ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਨਗਰ ਨਿਗਮ ਨੇ ਫੋਕਲ ਪੁਆਇੰਟ ਦੇ ਇਲਾਕਿਆਂ 'ਚੋਂ ਕਬਜ਼ੇ ਹਟਾਉਣ ਦੀ ਮੁਹਿੰਮ ਮੰਗਲਵਾਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦਾ ਉਦੇਸ਼ ਸੂਬੇ ਦੇ ਉਦਯੋਗਿਕ ਹੱਬ ਵਿੱਚ ਸਥਿਤ ਫੋਕਲ ਪੁਆਇੰਟ ਇਲਾਕਿਆਂ ਨੂੰ ਨਵਾਂ ਰੂਪ ਦੇਣਾ ਹੈ।
ਇਸ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਮੁੰਡੀਆਂ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਉਦਯੋਗਪਤੀਆਂ ਦੀ ਪਿਛਲੇ ਹਫ਼ਤੇ ਫੋਕਲ ਪੁਆਇੰਟ ਇਲਾਕੇ ਵਿੱਚ ਸਥਿਤ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ) ਕੰਪਲੈਕਸ ਵਿੱਚ ਹੋਈ ਮੀਟਿੰਗ ਤੋਂ ਬਾਅਦ ਕੀਤੀ ਗਈ ਹੈ। ਮੀਟਿੰਗ ਦੌਰਾਨ ਫੋਕਲ ਪੁਆਇੰਟ ਦੇ ਇਲਾਕਿਆਂ ਵਿੱਚ ਕਬਜ਼ਿਆਂ ਨੂੰ ਹਟਾਉਣ ਦੇ ਫੈਸਲੇ ਸਮੇਤ ਹਾਲਾਤ ਸੁਧਾਰਨ ਲਈ ਕਈ ਫੈਸਲੇ ਲਏ ਗਏ ਸਨ।
ਸਨਅਤਕਾਰਾਂ ਨੇ ਵੀ ਇਹ ਮੰਗ ਕੀਤੀ ਸੀ ਕਿ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਫੋਕਲ ਪੁਆਇੰਟ ਇਲਾਕੇ ਦੇ ਚਿਹਰੇ ’ਤੇ ਕਲੰਕ ਲਗਾ ਰਹੇ ਹਨ।
ਮੰਗਲਵਾਰ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਨੇ ਝੁੱਗੀ-ਝੌਂਪੜੀ ਵਾਲਿਆਂ, ਵਿਕਰੇਤਾਵਾਂ, ਦੁਕਾਨਦਾਰਾਂ ਆਦਿ ਵੱਲੋਂ ਕੀਤੇ 40 ਤੋਂ ਵੱਧ ਕਬਜ਼ੇ ਹਟਾਏ। ਵਿਧਾਇਕ ਮੁੰਡੀਆਂ ਨੇ ਵੀ ਚੱਲ ਰਹੀ ਮੁਹਿੰਮ ਦਾ ਮੁਆਇਨਾ ਕਰਨ ਲਈ ਮੌਕੇ ਦਾ ਦੌਰਾ ਕੀਤਾ।
ਨਗਰ ਨਿਗਮ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਵੀਰ ਪੈਲੇਸ ਤੋਂ ਉੱਤਮ ਨਗਰ ਚੌਂਕ ਨੂੰ ਜਾਣ ਵਾਲੀ ਸੜਕ 'ਤੇ ਅਭਿਆਨ ਚਲਾਇਆ ਗਿਆ ਅਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਮੁਹਿੰਮ ਜਾਰੀ ਰਹੇਗੀ।
ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਲਾਕਾ ਨਿਵਾਸੀਆਂ/ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੌਰ 'ਤੇ ਕਬਜ਼ੇ ਹਟਾਉਣ, ਨਹੀਂ ਤਾਂ ਨਗਰ ਨਿਗਮ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ।
ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਕਬਜ਼ੇ ਹਟਾਉਣ ਨਾਲ ਉਦਯੋਗ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਇਸ ਨਾਲ ਫੋਕਲ ਪੁਆਇੰਟ ਇਲਾਕਿਆਂ ਨੂੰ ਨਵਾਂ ਰੂਪ ਦੇਣ ਵਿੱਚ ਮਦਦ ਮਿਲੇਗੀ।
ਇਹ ਦੱਸਦੇ ਹੋਏ ਕਿ ਨਗਰ ਨਿਗਮ ਸ਼ਹਿਰ ਭਰ ਵਿੱਚ ਪਾਰਕਾਂ/ਗਰੀਨ ਬੈਲਟਾਂ ਨੂੰ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ, ਵਿਧਾਇਕ ਮੁੰਡੀਆਂ ਅਤੇ ਸੰਦੀਪ ਰਿਸ਼ੀ ਨੇ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਵੀ ਅੱਗੇ ਵਧਣ ਅਤੇ ਆਪਣੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪਾਰਕਾਂ/ਗਰੀਨ ਬੈਲਟਾਂ ਨੂੰ ਅਪਣਾ ਕੇ ਵਿਕਸਤ ਕਰਨ।


 

Post a Comment

Post a Comment (0)

Previous Post Next Post