ਲੁਧਿਆਣਾ ( Rajan ) :- 'ਬੁੱਢੇ ਦਰਿਆ' ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਰਾਜ ਸਭਾ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ਵ ਵੈਟਲੈਂਡਜ਼ ਦਿਵਸ (2 ਫਰਵਰੀ) 'ਤੇ ਸ਼ਹਿਰ ਵਿੱਚ 'ਬੁੱਢੇ ਦਰਿਆ' ਦੇ ਨਾਲ-ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਦੀ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਗਊ ਘਾਟ ਦੇ ਪਿਛਲੇ ਪਾਸੇ ਵਾਲੀ ਥਾਂ ਤੋਂ ਕੀਤੀ ਜਾਵੇਗੀ।‘ਆਪ’ ਦੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ
ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਜਲ ਸਰੋਤਾਂ ਨੂੰ ਸਾਫ਼ ਕਰਨ ਅਤੇ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਵਿੱਚ ਬਦਲਣ ਲਈ ਸਖ਼ਤੀ ਨਾਲ ਕੰਮ ਕਰ ਰਹੀ ਹੈ। ਇਹ ਟੀਚਾ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਹਰ ਕੋਈ ਅੱਗੇ ਵਧੇ ਅਤੇ ਪ੍ਰਦੂਸ਼ਣ ਨੂੰ ਰੋਕਣ ਦਾ ਸੰਕਲਪ ਲਵੇ।ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਪੀ.ਪੀ.ਸੀ.ਬੀ. ਦੇ ਚੀਫ਼ ਇੰਜਨੀਅਰ ਪਰਦੀਪ ਗੁਪਤਾ, ਗੁਰਦੁਆਰਾ ਗਊ ਘਾਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇਕ ਸਿੰਘ
ਸੇਖੇਵਾਲ, ਹੈੱਡ ਗ੍ਰੰਥੀ ਸੋਹਣ ਸਿੰਘ, ਮੈਨੇਜਰ ਸ਼ਮਸ਼ੇਰ ਸਿੰਘ, ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਆਦਿ ਵੀ ਹਾਜ਼ਰ ਸਨ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇਕ ਸਿੰਘ ਨੇ ਦੱਸਿਆ ਕਿ ਇਤਫ਼ਾਕ ਨਾਲ 2 ਫਰਵਰੀ ਨੂੰ ਰਾਜ ਸਭਾ ਮੈਂਬਰ ਸੀਚੇਵਾਲ ਦਾ ਜਨਮ ਦਿਨ ਵੀ ਹੈ ਅਤੇ ਉਹ ਇਸੇ ਦਿਨ ਗੁਰਦੁਆਰਾ ਗਊ ਘਾਟ ਤੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਗੁਰਦੁਆਰਾ ਗਊ ਘਾਟ ਇਤਿਹਾਸਕ ਅਤੇ ਧਾਰਮਿਕ ਮਹੱਤਵ
ਰੱਖਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਵਾਤਾਵਰਨ ਨੂੰ ਸ਼ੁੱਧ ਰੱਖਣ 'ਤੇ ਜ਼ੋਰ ਦਿੰਦੇ ਹਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਨਅਤਕਾਰਾਂ, ਡੇਅਰੀ ਮਾਲਕਾਂ ਆਦਿ ਸਮੇਤ ਹਰ ਕਿਸੇ ਨੂੰ 'ਬੁੱਢੇ ਦਰਿਆ' ਵਿੱਚ ਪ੍ਰਦੂਸ਼ਣ ਰੋਕਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਵਸਨੀਕ ਥੋੜ੍ਹੇ ਸਮੇਂ ਵਿੱਚ ਹੀ ਜ਼ਮੀਨੀ ਪੱਧਰ 'ਤੇ ਸਕਾਰਾਤਮਕ ਤਬਦੀਲੀ ਦੇ ਗਵਾਹ ਹੋਣਗੇ।
ਇਹ ਦੱਸਦੇ ਹੋਏ ਕਿ 'ਬੁੱਢੇ ਦਰੀਆ' ਦੇ ਨਾਲ-ਨਾਲ ਪੌਦੇ ਲਗਾਉਣ ਦੀ ਮੁਹਿੰਮ ਨੂੰ ਪੜਾਅਵਾਰ ਚਲਾਇਆ ਜਾਵੇਗਾ, ਰਾਜ ਸਭਾ ਮੈਂਬਰ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ।
Post a Comment