ਲੁਧਿਆਣਾ (Rajan) :- ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ, ਜਨਵਰੀ ਮਹੀਨੇ ਵਿੱਚ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਪ੍ਰੋਗਰਾਮ ਕਰਕੇ 'ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਹਫ਼ਤਾ - 2024' ਮਨਾਇਆ ਜਾ ਰਿਹਾ ਹੈ।ਬੀਤੀ 16 ਜਨਵਰੀ ਨੂੰ, ਇਸ ਜਾਗਰੂਕਤਾ ਸੈਸ਼ਨ ਦਾ ਆਯੋਜਨ ਸਥਾਨਕ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਲੁਧਿਆਣਾ ਵਿਖੇ ਕੀਤਾ ਗਿਆ, ਜਿਸ ਵਿੱਚ ਸ੍ਰੀ ਜਸਬੀਰ ਸਿੰਘ, ਮੁਖੀ - ਟਰੈਫਿਕ ਐਜੂਕੇਸ਼ਨ ਸੈੱਲ, ਲੁਧਿਆਣਾ ਨੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਲੈਂਦੇ ਹਨ। ਮਨੁੱਖੀ ਲਾਗਤ ਬੇਅੰਤ ਹੈ ਕਿਉਂਕਿ ਇਹ ਮ੍ਰਿਤਕ/ਜ਼ਖਮੀ ਵਿਅਕਤੀਆਂ ਦੇ ਪਰਿਵਾਰਾਂ 'ਤੇ ਆਰਥਿਕ ਬੋਝ ਪਾਉਂਦੀ ਹੈ। ਅਜਿਹੀ ਸਥਿਤੀ ਵਿੱਚ ਸੜਕ ਸੁਰੱਖਿਆ ਪ੍ਰਤੀ ਸਮੂਹਿਕ ਜਾਗਰੂਕਤਾ ਦੀ ਲੋੜ ਹੈ ਅਤੇ ਇਸ ਉਦੇਸ਼ ਲਈ ਭਾਰਤ ਸਰਕਾਰ ਵਲੋਂ ਹਰ ਸਾਲ ਜਨਵਰੀ ਮਹੀਨੇ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਮਨਾਇਆ ਜਾਂਦਾ ਹੈ।ਸ਼੍ਰੀ ਸੁਭਾਸ਼ ਚੰਦਰ, ਜੇ.ਡੀ., ਐਨ.ਐਸ.ਟੀ.ਆਈ. ਨੇ ਕਿਹਾ ਕਿ 'ਸਹੀ ਹੈਲਮੇਟ ਪਹਿਨਣਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ'।ਇਸ ਮੌਕੇ ਵਿਦਿਆਰਥੀਆਂ ਨੂੰ ਮਾਈ ਭਾਰਤ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਲਈ ਬਣਾਏ ਗਏ ਇਸ ਪੋਰਟਲ ਦਾ ਲਾਭ ਉਠਾ ਸਕਣ। ਵਿਦਿਆਰਥੀਆਂ ਨੂੰ 'MYBharat' ਲੋਗੋ ਵਾਲੀਆਂ ਟੀ-ਸ਼ਰਟਾਂ, ਕੈਪਾਂ ਅਤੇ ਬੈਜ ਵੀ ਵੰਡੇ ਗਏ।
Post a Comment