ਲੁਧਿਆਣਾ ( Rajan ):-ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੰਗਲਵਾਰ ਨੂੰ ਬੁੱਢੇ ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਹੈਬੋਵਾਲ ਮੇਨ ਪੁਲੀ ਵਿਖੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਹੈਬੋਵਾਲ ਮੇਨ ਪੁਲੀ ਤੋਂ ਚਾਂਦ ਸਿਨੇਮਾ ਨੇੜੇ ਬੁੱਢੇ ਨਾਲੇ ਦੇ ਪੁਲ ਤੱਕ ਸੜਕ ਬਣਾਈ ਜਾਵੇਗੀ।
ਇਸ ਪ੍ਰੋਜੈਕਟ ਤਹਿਤ 5.84 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 3 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ ਡਿਪਾਜ਼ਿਟ ਵਰਕ ਵਜੋਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬੱਗਾ ਨੇ ਕਿਹਾ ਕਿ ਉਨ੍ਹਾਂ ਹਲਕਾ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹੈਬੋਵਾਲ ਮੇਨ ਪੁਲੀ 'ਤੇ ਪਹਿਲਾਂ ਲੱਗੇ ਕੂੜੇ ਦੇ ਡੰਪ ਨੂੰ ਹਟਾਇਆ ਜਾਵੇਗਾ ਅਤੇ ਨਾਲੇ ਦੇ ਦੂਜੇ ਪਾਸੇ ਸੜਕ ਬਣਾਈ ਜਾਵੇਗੀ। ਕੂੜੇ ਦੇ ਡੰਪ ਨੂੰ ਪਹਿਲਾਂ ਹੀ ਹਟਾਇਆ ਜਾ ਚੁੱਕਿਆ ਹੈ ਅਤੇ ਬੁੱਢੇ ਨਾਲੇ ਦੇ ਦੂਜੇ ਪਾਸੇ ਸੜਕ ਦਾ ਨਿਰਮਾਣ ਸ਼ੁਰੂ ਹੋਣ ਨਾਲ ਲੋਕਾਂ ਨਾਲ ਕੀਤਾ ਇਹ ਵਾਅਦਾ ਵੀ ਪੂਰਾ ਹੋ ਗਿਆ ਹੈ।
ਵਿਧਾਇਕ ਨੇ ਕਿਹਾ ਕਿ ਹੈਬੋਵਾਲ ਮੇਨ ਪੁਲੀ 'ਤੇ ਕੂੜਾ ਡੰਪ ਪਿਛਲੇ ਕੁਝ ਦਹਾਕਿਆਂ ਤੋਂ ਪੂਰੇ ਇਲਾਕੇ ਦੇ ਚਿਹਰੇ 'ਤੇ ਕਲੰਕ ਦੀ ਤਰ੍ਹਾਂ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਡੰਪ ਹਟਾ ਦਿੱਤਾ ਜਾਵੇਗਾ ਜਿਸ ਤੇ ਕੰਮ ਕਰਦਿਆਂ ਇਹ ਡੰਪ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ।
ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਬੁੱਢੇ ਨਾਲੇ ਦੇ ਦੂਜੇ ਪਾਸੇ ਸੜਕ ਬਣਨ ਨਾਲ ਇਲਾਕੇ ਵਿੱਚ ਆਵਾਜਾਈ ਸੁਚਾਰੂ ਹੋ ਜਾਵੇਗੀ। ਇਸ ਨਾਲ ਨਾਲੇ ਦੇ ਦੂਜੇ ਪਾਸੇ ਵਾਲੇ ਇਲਾਕਿਆਂ ਦੇ ਸੁੰਦਰੀਕਰਨ ਵਿੱਚ ਵੀ ਮਦਦ ਮਿਲੇਗੀ।
ਨਾਲੇ ਦੇ ਕਿਨਾਰੇ ਹੋਏ ਕਬਜ਼ਿਆਂ ਦੀ ਗੱਲ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਕਬਜ਼ਿਆਂ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਕਈ ਵਸਨੀਕਾਂ ਨੇ ਖੁਦ ਹੀ ਇਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਵਸਨੀਕ ਕਬਜ਼ਿਆਂ ਨੂੰ ਹਟਾਉਣ ਵਿੱਚ ਅਸਫਲ ਰਹਿੰਦੇ ਹਨ ਤਾਂ ਨਗਰ ਨਿਗਮ ਨੂੰ ਮਜ਼ਬੂਰੀ ਇਹ ਕਬਜੇ ਹਟਾਉਣੇ ਪੈਣਗੇ ਕਿਉਂਕਿ ਸੜਕ ਦੇ ਨਿਰਮਾਣ ਲਈ ਇਹਨਾਂ ਕਬਜ਼ਿਆਂ ਨੂੰ ਹਟਾਉਣਾ ਜ਼ਰੂਰੀ ਹੈ।
ਵਿਧਾਇਕ ਬੱਗਾ ਨੇ ਕਿਹਾ ਕਿ ਲੁਧਿਆਣਾ ਉੱਤਰੀ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਹ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਮਾਰਗਦਰਸ਼ਨ ਸਦਕਾ ਸੰਭਵ ਹੋਇਆ ਹੈ।
ਵਿਧਾਇਕ ਬੱਗਾ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ।
ਵਿਧਾਇਕ ਬੱਗਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕੇ ਵਿੱਚ ਕਰੋੜਾਂ ਰੁਪਏ ਦੇ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ, ਜਿਸ ਵਿੱਚ ਬੁੱਢੇ ਨਾਲੇ ਦੇ ਮੌਜੂਦਾ ਪੁਲਾਂ (ਪੁਲੀਆਂ) ਦੀ ਮੁਰੰਮਤ ਅਤੇ ਨਾਲੇ ‘ਤੇ ਨਵੇਂ ਪੁਲਾਂ ਦੀ ਉਸਾਰੀ ਦਾ ਪ੍ਰਾਜੈਕਟ ਸ਼ਾਮਲ ਹੈ।
ਮੌਕੇ ’ਤੇ ਇਕੱਠੇ ਹੋਏ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਵੀ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਇਸ ਪ੍ਰਾਜੈਕਟ ਦਾ ਉਦਘਾਟਨ ਕਰਨ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੋਈ ਵੀ ਹੈਬੋਵਾਲ ਪੁਲੀ ਤੇ ਸਥਿਤ ਇਸ ਡੰਪ ਨੂੰ ਮੌਕੇ ਤੋਂ ਨਹੀਂ ਹਟਾ ਸਕਿਆ ਸੀ। ਪਰ ਵਿਧਾਇਕ ਬੱਗਾ ਨੇ ਪਹਿਲਕਦਮੀ ਕੀਤੀ ਜਿਸ ਤੋਂ ਬਾਅਦ ਨਾ ਸਿਰਫ਼ ਡੰਪ ਨੂੰ ਹਟਾਇਆ ਗਿਆ, ਸਗੋਂ ਸੜਕ ਬਣਾਉਣ ਦਾ ਪ੍ਰਾਜੈਕਟ ਵੀ ਸ਼ੁਰੂ ਕਰ ਦਿੱਤਾ ਗਿਆ।
Post a Comment