ਮਲੌਦ,ਪਾਇਲ, ਲੁਧਿਆਣਾ ( Rajan ) :- ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿਖੇ ਸ਼ਹੀਦ ਹੋਏ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀਵੀਰ ਅਜੈ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਫੌਜ ਅਤੇ ਪੰਜਾਬ ਪੁਲਿਸ ਦੀਆਂ ਟੁੱਕੜੀਆਂ ਵੱਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਜਿਲ੍ਹਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਨੇਸ਼ਹੀਦ ਅਜੈ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ l ਇਸ ਤੋਂ ਇਲਾਵਾ ਐਸ.ਡੀ.ਐਮ. ਪੂਨਮਪ੍ਰੀਤ ਕੌਰ, ਡੀ.ਐਸ.ਪੀ. ਨਖਿਲ ਗਰਗ, ਜਿਲ੍ਹਾ ਸੈਨਿਕ ਭਲਾਈ ਬੋਰਡ ਦੇ ਕਮਾਂਡੈਂਟ ਬਲਜਿੰਦਰ ਵਿਰਕ, ਕੈਪਟਨ ਗੁਰਮਿੰਦਰ
ਸਿੰਘ, ਏ.ਜੀ. ਮੇਜ਼ਰ ਅਰਵਿੰਦ ਤੋਂ ਇਲਾਵਾ ਭਾਰਤੀ ਫੌਜ ਦੇ ਉਚ ਅਧਿਕਾਰੀਆਂ ਨੇ ਸ਼ਹੀਦ ਅਜੈ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ।ਹਲਕਾ ਪਾਇਲ ਦੇ ਵਿਧਾਇਕ ਸ਼੍ਰੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦ ਨੇ ਆਪਣੀ ਡਿਊਟੀ ਪੂਰੀ ਬਹਾਦਰੀ ਤੇ ਲਗਨ ਨਾਲ ਨਿਭਾਈ ਅਤੇ ਸ਼ਹੀਦ ਦੀ ਕੁਰਬਾਨੀ ਨੌਜਵਾਨਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਪੀੜਤ ਪਰਿਵਾਰ ਨੂੰ ਵਿੱਤੀ
ਸਹਾਇਤਾ ਦਿੱਤੀ ਜਾਵੇਗੀ।ਹਲਕਾ ਪਾਇਲ ਦੇ ਵਿਧਾਇਕ ਇਸ ਮੌਕੇ ਤੇ ਪਹੁੰਚ ਕੇ ਪਰਿਵਾਰ ਨਾਲ਼ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਅੱਜ ਜੇਕਰ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਹਾਂ ਤਾਂ ਇਹਨਾਂ ਫ਼ੌਜੀ ਜਵਾਨ ਸ਼ਹੀਦਾਂ ਦੀ ਬਦੌਲਤ ਹਾਂ l ਉਹਨਾਂ ਕਿਹਾ ਕਿ ਅਸੀਂ ਸ਼ਹੀਦ ਅਜੈ ਸਿੰਘ ਦੀ ਸ਼ਹੀਦੀ ਨੂੰ ਕਰੋੜਾਂ ਵਾਰ ਨਮਨ ਕਰਦੇ ਹਾਂ l ਉਹਨਾਂ ਕਿਹਾ ਕਿ ਇਹਨਾਂ ਸ਼ਹੀਦ ਜਵਾਨਾਂ ਦੀ ਸ਼ਹੀਦੀ ਅੱਗੇ ਕੁਝ ਵੀ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਸਿਰ ਉੱਚਾ ਕਰਕੇ ਜਿਉਂਦੇ ਹਾਂ l ਉਹਨਾਂ ਕਿਹਾ ਕਿ ਇਸ ਪਰਿਵਾਰ ਦੇ ਅੱਗੇ ਮੇਰਾ ਸਿਰ ਨਮਨ ਹੁੰਦਾ ਹੈ l ਇਸ ਪਰਿਵਾਰ ਦੇ ਨਾਲ਼ ਅਸੀਂ ਚਟਾਨ ਵਾਂਗ ਖੜੇ ਹਾਂ ਕੋਈ ਵੀ ਦੁੱਖ ਤਕਲੀਫ਼
ਪਰਿਵਾਰ ਨੂੰ ਨਹੀਂ ਆਉਣ ਦੇਵਾਂਗੇ lਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਸ਼ਹੀਦ ਅਜੈ ਸਿੰਘ ਦੇ ਪਿਤਾ ਚਰਨਜੀਤ ਸਿੰਘ ਉਰਫ਼ ਕਾਲਾ ਸਿੰਘ, ਮਾਤਾ ਲੱਛਮੀ ਅਤੇ ਭੈਣਾਂ ਨਾਲ਼ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਪਰਿਵਾਰ ਦੀ ਮੱਦਦ ਲਈ ਤੱਤਪਰ ਰਹੇਗਾ l ਉਹਨਾਂ ਸ਼ਹੀਦ ਦੀ ਮਾਤਾ ਅਤੇ ਭੈਣਾਂ ਨੂੰ ਕਲਾਵੇ ਵਿੱਚ ਲੈ ਕੇ ਦਿਲਾਸਾ ਵੀ ਦਿੱਤਾ l ਉਹਨਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਿਤ ਨਹੀਂ ਹੁੰਦੇ ਸਗੋਂ ਪੂਰੀ ਕੌਮ ਦਾ ਮਾਣ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ lਜ਼ਿਕਰਯੋਗ ਹੈ ਕਿ ਸ਼ਹੀਦ ਅਜੈ ਸਿੰਘ ਮਾਪਿਆਂ ਦੇ ਇਕਲੌਤੇ
ਪੁੱਤਰ ਅਤੇ 6 ਭੈਣਾ ਤੇ ਇਕਲੋਤੇ ਭਰਾ ਸਨ ਅਤੇ ਇਸ ਸ਼ਹਾਦਤ ਲਈ ਪੂਰੇ ਇਲਾਕੇ ਵਿੱਚ ਜਿੱਥੇ ਮੌਤ ਲਈ ਦੁੱਖ ਸੀ ਉਥੇ ਇਲਾਕੇ ਦੇ ਨੌਜੁਆਨ ਦੀ ਵੀਰਮਈ ਸ਼ਹਾਦਤ ਤੇ ਫ਼ਖਰ ਵੀ ਸੀ।ਸ਼ਹੀਦ ਅਜੈ ਸਿੰਘ ਦੇ ਮਾਤਾ -ਪਿਤਾ ਅਤੇ ਭੈਣਾਂ ਨੇ ਕਿਹਾ ਕਿ ਸਾਨੂੰ ਅਜੈ ਸਿੰਘ ਦੀ ਸ਼ਹੀਦੀ ਉੱਤੇ ਮਾਣ ਹੈ l ਕਿਉਂਕਿ ਉਸਨੇ ਦੇਸ਼ ਲਈ ਕੁਰਬਾਨੀ ਕੀਤੀ ਹੈl ਇਸ ਮੌਕੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸਾਕ ਸਬੰਧੀ ਵੀ ਹਾਜ਼ਰ ਸਨ l
Post a Comment