ਲੁਧਿਆਣਾ (Rajan) :- ਨੌਜਵਾਨਾਂ ਵਿਚਲੀ ਕਲਾ ਦਾ ਨਿਖਾਰ ਕਰਨ ਲਈ ਅਤੇ ਉਨ੍ਹਾਂ ਦੀ ਸਖਸ਼ੀਅਤ ਦੀ ਉਸਾਰੀ ਕਰਨ ਲਈਯੁਵਕ ਸੇਵਾਵਾਂ ਵਿਭਾਗ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਲੋਕ ਨਾਚ ਤੇ ਹੋਰ ਸੱਭਿਆਚਾਰਕ ਮੁਕਾਬਲੇ ਸਮੇਂ-ਸਮੇਂ 'ਤੇ ਆਯੋਜਿਤ ਕਰਵਾਏ ਜਾ ਰਹੇ ਹਨ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦਾ ਨਿਰਮਾਣ ਕਰ ਸਕਣ।ਉਕਤ ਦੀ ਲਗਾਤਾਰਤਾ ਵਿੱਚ, ਬੀਤੇ ਕੱਲ੍ਹ ਜ਼ਿਲ੍ਹਾ ਪੱਧਰ ਦੇ ਦੋ ਰੋਜ਼ਾ ਓਪਨ ਯੁਵਕ ਮੇਲੇ ਦੀ ਸੀ ਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਸ਼ੁਰੂਆਤ ਕੀਤੀ ਗਈ ਹੈ। ਓਪਨ ਯੁਵਕ ਮੇਲੇ ਵਿੱਚਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ
ਵਿਕਾਸ) ਰੁਪਿੰਦਰਪਾਲ ਸਿੰਘ ਅਤੇ ਡਾ. ਮਨਵੀਰ ਸਿੰਘ ਐਮ.ਡੀ. ਸੀ.ਟੀ. ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਆ। ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਰੰਗਾਰੰਗ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਲੁਧਿਆਣਾ ਸ. ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਇਸ ਮੇਲੇ ਵਿੱਚ ਭੰਗੜਾ, ਲੁੱਡੀ/ਸੰਮੀ, ਲੋਕ-ਸਾਜ਼ ਮੁਕਾਬਲਾ, ਭਾਸ਼ਣ ਪ੍ਰਤੀਯੋਗਤਾ/ਡੀਬੇਟ, ਵਾਰ-ਗਾਇਨ, ਕਵੀਸ਼ਰੀ ਅਤੇ ਫਾਈਨ ਆਰਟਸ ਮੁਕਾਬਲੇ (ਪੋਸਟਰ ਬਣਾਉਣਾ, ਕਲਾਜ਼
ਬਣਾਉਣਾ, ਕਲੇਅ ਮਾਡਲਿੰਗ, ਕਾਰਟੂਨਿੰਗ, ਰੰਗੋਲੀ ਅਤੇ ਮਹਿੰਦੀ) ਆਇਟਮਾਂ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵੱਖ ਵੱਖ ਉਮੀਦਵਾਰਾਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮਾਂ ਤੇ ਸਰਟੀਫਿਕੇਟਾਂ ਦੀ ਵੰਡ ਵੀ ਕੀਤੀ ਗਈ। ਅੱਜ ਪਹਿਲੇ ਦਿਨ ਸ. ਚਰਨਜੀਤ ਸਿੰਘ ਚੰਨੀ ਚਾਂਸਲਰ ਸੀ ਟੀ ਯੂਨੀਵਰਸਿਟੀ, ਡਾ. ਅਭਿਸ਼ੇਕ ਤ੍ਰਿਪਾਠੀ, ਪ੍ਰੋ. ਚਾਂਸਲਰ ਅਤੇ ਵਿਪੁਲ ਯਾਦਵ, ਰਜਿਸਟਰਾਰ, ਸੀ ਟੀ ਯੂਨੀਵਰਸਿਟੀ ਲੁਧਿਆਣਾ ਨੇ ਵੀ ਇਸ ਮੇਲੇ ਵਿੱਚ ਸ਼ਿਰਕਤ ਕੀਤੀ।ਇਸ ਮੇਲੇ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਇੰਜੀ: ਦਵਿੰਦਰ ਸਿੰਘ, ਡਾਇਰੈਕਟਰ ਸਟੂਡੈਂਟ ਵੈਲਫ਼ੇਅਰ ਸੀ ਟੀ ਯੂਨੀਵਰਸਿਟੀ ਲੁਧਿਆਣਾ ਦਾ ਵਿਸ਼ੇਸ਼
ਯੋਗਦਾਨ ਰਿਹਾ। ਜਿਕਰਯੋਗ ਹੈ ਕਿ ਮੇਲੇ ਦੇ ਦੂਸਰੇ ਦਿਨ ਅੱਜ ਗਿੱਧਾ, ਗੱਤਕਾ, ਰਵਾਇਤੀ ਲੋਕ-ਗੀਤ (ਲੰਮੀਆਂ ਹੇਕਾਂ ਵਾਲੇ), ਪੁਰਾਤਨ ਪਹਿਰਾਵਾ, ਲੋਕ ਗੀਤ/ਕਲੀ, ਭੰਡ, ਮੋਨੋ-ਐਕਟਿੰਗ, ਬੇਕਾਰ ਵਸਤੂਆਂ ਦਾ ਸਦਉਪਯੋਗ ਅਤੇ ਰਵਾਇਤੀ ਲੋਕ ਕਲਾ ਮੁਕਾਬਲੇ (ਫੁਲਕਾਰੀ ਕੱਢਣਾ, ਨਾਲੇ ਬੁਨਣਾ, ਪੀੜੀ ਬੁਨਣਾ, ਛਿੱਕੂ ਬਣਾਉਣਾ ਅਤੇ ਪੱਖੀ ਬੁਣਨਾ) ਆਇਟਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰੋਗਰਾਮ ਵਿੱਚ ਪੁਜ਼ੀਸ਼ਨ ਹਾਸਲ ਕਰਨ ਵਾਲੇ ਪ੍ਰਤੀਯੋਗੀ/ਟੀਮਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਬਾਕੀ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
Post a Comment