Designed And Powered By Manish Kalia 9888885014 Ⓒ Copyright @ 2023 - All Rights Reserved


 

ਨਗਰ ਨਿਗਮ, ਪ੍ਰਸ਼ਾਸਨ ਨੇ ਨੂਰਪੁਰ ਬੇਟ ਇਲਾਕੇ ਵਿੱਚ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਕੀਤਾ ਚਾਲੂ


ਲੁਧਿਆਣਾ( RAJAN )
ਇੱਕ ਸਕਾਰਾਤਮਕ ਵਿਕਾਸ ਤਹਿਤ, ਨਗਰ ਨਿਗਮ, ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਨੂਰਪੁਰ ਬੇਟ ਇਲਾਕੇ ਵਿੱਚ ਕਾਰਕਸ ਯੂਟੀਲਾਈਜੇਸ਼ਨ (ਪਸ਼ੂਆਂ ਦੀਆਂ ਲਾਸ਼ਾਂ ਦਾ ਨਿਪਟਾਰਾ ਕਰਨ ਵਾਲੇ) ਪਲਾਂਟ ਨੂੰ ਚਾਲੂ ਕਰ ਦਿੱਤਾ। ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਲਾਂਟ ਚਾਲੂ ਕੀਤਾ ਗਿਆ ਹੈ।

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ, ਨਗਰ ਨਿਗਮ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਵੇਰੇ 3 ਵਜੇ ਤੋਂ ਅਣਥੱਕ ਮਿਹਨਤ ਕੀਤੀ ਅਤੇ ਪਲਾਂਟ ਨੂੰ ਚਾਲੂ ਕਰਨ ਲਈ ਪਿੰਡ ਵਾਸੀਆਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਗਈ।

ਕੋਸ਼ਿਸ਼ਾਂ ਨੂੰ ਫਲ ਲੱਗਿਆ ਅਤੇ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਸ਼ਾਮ ਨੂੰ ਚਾਲੂ ਕਰ ਦਿੱਤਾ ਗਿਆ। ਪਲਾਂਟ ਦੇ ਠੇਕੇਦਾਰ ਨੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੁਝ ਪਸ਼ੂਆਂ ਦੀਆਂ ਲਾਸ਼ਾਂ ਦਾ ਨਿਪਟਾਰਾ ਵੀ ਕੀਤਾ ਅਤੇ ਵਿਗਿਆਨਕ ਪਲਾਂਟ ਦੇ ਸੰਚਾਲਨ ਕਾਰਨ ਕੋਈ ਗੰਦੀ ਬਦਬੂ ਜਾਂ ਪ੍ਰਦੂਸ਼ਣ ਨਹੀਂ ਦੇਖਿਆ ਗਿਆ।

ਏ.ਡੀ.ਸੀ. ਗੌਤਮ ਜੈਨ, ਨਗਰ ਨਿਗਮ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਨਗਰ ਨਿਗਮ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ, ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ, ਐਸ.ਡੀ.ਐਮ. ਹਰਜਿੰਦਰ ਸਿੰਘ, ਨਗਰ ਨਿਗਮ ਸੈਨੀਟੇਸ਼ਨ ਅਫਸਰ (ਸੀ.ਐਸ.ਓ.) ਅਸ਼ਵਨੀ ਸਹੋਤਾ, ਕਾਰਜਕਾਰੀ ਇੰਜਨੀਅਰ ਰਣਬੀਰ ਸਿੰਘ ਆਦਿ ਟੀਮਾਂ ਦਾ ਹਿੱਸਾ ਸਨ।

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਨੂੰ ਚਾਲੂ ਕਰਨਾ ਜ਼ਰੂਰੀ ਸੀ ਕਿਉਂਕਿ ਸਤਲੁਜ ਦਰਿਆ ਦੇ ਕੰਢੇ 'ਤੇ ਗੈਰ-ਕਾਨੂੰਨੀ 'ਹੱਡਾ-ਰੋੜੀ' (ਲਾਸ਼ ਦੇ ਨਿਪਟਾਰੇ ਲਈ ਥਾਂ) ਦਰਿਆ ਵਿੱਚ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਨੂੰ ਬੰਦ ਕੀਤਾ ਜਾਣਾ ਹੈ।
  
ਸੰਦੀਪ ਰਿਸ਼ੀ ਨੇ ਅੱਗੇ ਦੱਸਿਆ ਕਿ ਇਹ ਪਲਾਂਟ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਚਾਲੂ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਵਿਗਿਆਨਕ ਪਲਾਂਟ ਦੇ ਸੰਚਾਲਨ ਨਾਲ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਬੂ ਜਾਂ ਪ੍ਰਦੂਸ਼ਣ ਨਹੀਂ ਹੋਵੇਗਾ।

ਸਮਾਰਟ ਸਿਟੀ ਮਿਸ਼ਨ ਤਹਿਤ ਸਥਾਪਿਤ ਕੀਤੇ ਗਏ ਪਲਾਂਟ ਵਿੱਚ ਆਧੁਨਿਕ ਅਤੇ ਵਿਗਿਆਨਕ ਉਪਕਰਨ/ਮਸ਼ੀਨਰੀ ਲਗਾਈ ਗਈ ਹੈ। ਇਸ ਪਲਾਂਟ ਵਿੱਚ ਮਰੇ ਹੋਏ ਪਸ਼ੂਆਂ ਤੋਂ ਪੋਲਟਰੀ ਫੀਡ ਸਪਲੀਮੈਂਟ ਅਤੇ ਖਾਦ ਬਣਾਈ ਜਾਣੀ ਹੈ।

ਸੰਦੀਪ ਰਿਸ਼ੀ ਨੇ ਕਾਰਜਕਾਰੀ ਇੰਜਨੀਅਰ ਰਣਬੀਰ ਸਿੰਘ, ਸੀ.ਐਸ.ਓ. ਅਸ਼ਵਨੀ ਸਹੋਤਾ ਸਮੇਤ ਸਿਹਤ ਸ਼ਾਖਾ ਦੇ ਸਟਾਫ਼, ਚੀਫ ਸੈਨੇਟਰੀ ਇੰਸਪੈਕਟਰਾਂ, ਸੈਨੇਟਰੀ ਇੰਸਪੈਕਟਰਾਂ, ਸਵੀਪਰਾਂ ਸਮੇਤ ਨਗਰ ਨਿਗਮ ਦੇ ਅਧਿਕਾਰੀਆਂ ਦੀ ਇਸ ਪਲਾਂਟ ਨੂੰ ਚਲਾਉਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।


 

Post a Comment

Post a Comment (0)

Previous Post Next Post