ਰਾਏਕੋਟ/ਲੁਧਿਆਣਾ (Rajan) :- ਵਿਧਾਨ ਸਭਾ ਹਲਕਾ ਰਾਏਕੋਟ ਦੇ ਵਸਨੀਕਾਂ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਸ਼ਰਧਾਲੂਆਂ ਦੇ ਵੱਖ-ਵੱਖ ਜੱਥੇ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਖਾਟੂ ਸ਼ਯਾਮ ਅਤੇ ਸਾਲਾਸਰ (ਰਾਜਸਥਾਨ) ਵਿਖੇ ਦਰਸ਼ਨਾਂ ਲਈ ਰਵਾਨਾ ਕੀਤੇ ਗਏ।
ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਬੱਸਾਂ ਨੂੰ ਝੰਡੀ ਦੇਣ ਮੌਕੇ ਕਿਹਾ ਕਿ ਪਿੰਡ ਨੱਥੋਵਾਲ ਅਤੇ ਝੋਰੜਾਂ ਤੋਂ ਸ਼ਰਧਾਲੂਆਂ ਦੀਆਂ ਬੱਸਾਂ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਜਾਣਗੀਆਂ ਜਿੱਥੇ ਸੰਗਤਾਂ ਨਤਮਸਤਕ ਹੋਣਗੀਆਂ ਜਦਕਿ ਬਲਾਕ ਸੁਧਾਰ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਖਾਟੂ ਸ਼ਯਾਮ ਅਤੇ ਸਾਲਾਸਰ (ਰਾਜਸਥਾਨ) ਵਿਖੇ ਹਾਜਰੀ ਭਰੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਬੱਸਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯਾਤਰੀਆਂ ਨੂੰ ਹਰ ਸੰਭਵ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਹਾ ਲੈਣ ਲਈ ਆਪਣੀ ਅਗਾਊਂ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਤੌਰ 'ਤੇ ਯਕੀਨੀ ਬਣਾਉਣ।
Post a Comment