ਲੁਧਿਆਣਾ( RAJAN ) : ਸਲੇਮ ਟਾਬਰੀ ਸਥਿਤ ਪਾਰਕ’ ਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਮੋਤੀ ਰਾਮ ਮਹਿਰਾ ਦੇ ਨਾਮ ’ਤੇ ਬਣਾਏ ਗਏ ਲੰਗਰ ਸ਼ੈੱਡ ਦਾ ਉਦਘਾਟਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਮਾਤਾ ਵਿਪਨਪ੍ਰੀਤ ਕੌਰ ਨੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਕੀਤਾ। ਇੱਕ ਸਾਲ ਪਹਿਲਾਂ ਵੀ ਵਿਧਾਇਕ ਬੱਗਾ ਦੇ ਯਤਨਾਂ ਸਦਕਾ ਛਾਉਣੀ ਮੁਹੱਲਾ ਨੇੜੇ ਪਾਰਕ ਵਿੱਚ ਅਜਿਹਾ ਹੀ ਲੰਗਰ ਸ਼ੈੱਡ ਸ਼ੁਰੂ ਕੀਤਾ ਗਿਆ ਸੀ। ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਗੁਰਦੁਆਰਾ ਗੁਰੂ ਸਾਗਰ ਸਲੇਮ ਟਾਬਰੀ ਪ੍ਰਬੰਧਕ ਕਮੇਟੀ ਅਤੇ ਅਮ੍ਰਿਤ ਵੇਲਾ ਟਰੱਸਟ ਵੱਲੋਂ ਸਾਂਝੇ ਤੌਰ ’ਤੇ ਸੰਗਤਾਂ ਲਈ ਲੰਗਰ-ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ। ਵਿਧਾਇਕ ਮਦਨ ਲਾਲ ਬੱਗਾ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ ਬਣਿਆ ਲੰਗਰ ਸ਼ੈੱਡ ਨੌਜਵਾਨਾਂ ਨੂੰ ਦੇਸ਼ ਅਤੇ ਕੌਮ ਲਈ ਕੁਝ ਕਰਨ ਦੀ ਪ੍ਰੇਰਨਾ ਦੇਵੇਗਾ। ਉਨ੍ਹਾਂ ਲੰਗਰ ਸ਼ੈੱਡ ਬਣਾਉਣ ਲਈ ਮਿਲੀ ਪ੍ਰੇਰਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸਮਾਗਮਾਂ ਦੌਰਾਨ ਖੁੱਲ੍ਹੇ ਅਸਮਾਨ ਹੇਠ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਪ੍ਰਸ਼ਾਦ ਵੰਡਣ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦੀ ਸੀ। ਹੁਣ ਇਸ ਸ਼ੈੱਡ ਦੇ ਬਣਨ ਨਾਲ ਹਰ ਧਰਮ ਅਤੇ ਹਰ ਵਰਗ ਦੇ ਲੋਕ ਲੰਗਰ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਕਰ ਸਕਣਗੇ। ਮਾਤਾ ਵਿਪਨਪ੍ਰੀਤ ਕੌਰ ਜੀ ਨੇ ਕਿਹਾ ਵਿਧਾਇਕ ਬੱਗਾ ਵੱਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਇਸ ਮੌਕੇ ਇਲਾਕਾ ਨਿਵਾਸੀ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Post a Comment