ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਃ ਖੁੱਡੀਆਂ ਦਾ ਸਨਮਾਨ
ਲੁਧਿਆਣਾਃ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਬਾਰੇ ਕੈਬਨਿਟ ਮੰਤਰੀ ਸਃ ਗੁਰਮੀਤ ਸਿੰਘ ਖੁੱਡੀਆਂ ਦੀ ਪਹਿਲੀ ਲੁਧਿਆਣਾ ਫੇਰੀ ਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਰਿਵਾਰਕ ਮੁਲਾਕਾਤ ਦੌਰਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦੇ ਸਰਬਪੱਖੀ ਪੇਂਡੂ ਵਿਕਾਸ ਲਈ ਖੇਤੀਬਾੜੀ ਸਾਹਿੱਤ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੀਹ ਸਾਲ ਤੋਂ ਵੱਧ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਸਾਹਿੱਤ ਦੀ ਵਿਉਂਤਕਾਰੀ ਕਰਦਿਆਂ ਉਹ ਪੂਰੀ ਜ਼ੁੰਮੇਵਾਰੀ ਨਾਲ ਕਹਿ ਸਕਦੇ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮਾਸਿਕ ਪੱਤਰ ਚੰਗੀ ਖੇਤੀ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮੈਗਜ਼ੀਨ,ਹਾੜ੍ਹੀ ਤੇ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫ਼ਾਰਸ਼ਾਂ, ਸਬਜ਼ੀਆਂ ਤੇ ਘਰੇਲੂ ਬਗੀਚੀ ਸਬੰਧੀ ਗਿਆਨਵਾਨ ਪੁਸਤਕਾਂ ਦੀ ਲਾਇਬਰੇਰੀ ਹਰ ਪਿੰਡ ਵਿੱਚ ਸਸਥਾਪਤ ਕੀਤੀ ਜਾਵੇ ਤਾਂ ਗਿਆਨ ਸੰਚਾਰ ਦੀ ਰਫ਼ਤਾਰ ਵਧਣ ਦਾ ਲਾਭ ਖੇਤੀਬਾੜੀ ਤੇ ਪਸ਼ੂ ਪਾਲਣ ਦੇ ਕਿੱਤੇ ਨੂੰ ਹੋਵੇਗਾ। ਇਵੇਂ ਹੀ ਪਿੰਡਾਂ ਦੀ ਆਰਥਿਕ ਤੇ ਸਿਹਤ ਸਬੰਧੀ ਨੁਹਾਰ ਸੰਵਾਰਨ ਲਈ ਫ਼ਲਦਾਰ ਬੂਟਿਆਂ ਦੀ ਕਾਸ਼ਤ ਸਾਂਝੀਆਂ ਥਾਵਾਂ ਤੇ ਵੀ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ, ਸਹਿਕਾਰਤਾ ਤੇ ਪੇਂਡੂ ਵਿਕਾਸ ਮਹਿਕਮੇ ਵੱਲੋਂ ਸਾਂਝੀ ਤੇ ਲੰਮੀ ਮਿਆਦ ਦੀ ਕਾਰਜ ਯੋਜਨਾ ਵੀ ਤਿਆਰ ਕੀਤੀ ਜਾਵੇ ਜਿਸ ਨਾਲ ਘੱਟ ਸਾਧਨਾਂ ਨਾਲ ਅਸਰਦਾਰ ਕਾਰਜ ਕੀਤੇ ਜਾ ਸਕਣ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਃ ਗੁਰਮੀਤ ਸਿੰਘ ਖੁੱਡੀਆਂ ਨੂੰ ਭਾਈ ਘਨੱਈਆ ਜੀ ਦਾ ਸਃ ਸੋਭਾ ਸਿੰਘ ਆਰਟਿਸਟ ਵੱਲੋਂ ਕੀਤੀ ਪੇਂਟਿੰਗ ਦਾ ਫੋਟੋ ਚਿਤਰ, ਦਸਤਾਰ ਤੇ ਪੁਸਤਕਾਂ ਭੇਂਟ ਕਰਕੇ ਪ੍ਰੋਃ ਗੁਰਭਜਨ ਸਿੰਘ ਗਿੱਲ, ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਃ ਨਿਰਮਲ ਸਿੰਘ ਜੌੜਾ, ਡਿਪਟੀ ਡਾਇਰੈਕਟਰ (ਟੀ ਵੀ) ਡਾਃ ਅਨਿਲ ਸ਼ਰਮਾ, ਦਾਦ ਪਿੰਡ ਦੇ ਸਰਪੰਚ ਤੇ ਸਫ਼ਲ ਉੱਦਮੀ ਕਿਸਾਨ ਸਃ ਜਗਦੀਸ਼ਪਾਲ ਸਿੰਘ ਗਰੇਵਾਲ
ਅਤੇ ਸਃ ਸੁਖਬੀਰ ਸਿੰਘ ਜਾਖੜ ਰੀਟਾਃ ਨਿਗਰਾਨ ਇੰਜਨੀਅਰ ਨੇ ਸਨਮਾਨਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸਃ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮਹਿਕਮੇ ਰਾਹੀਂ ਸਰਬਪੱਖੀ ਪੇਂਡੂ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਤੇ ਖੇਤੀਬਾੜੀ ਮਹਿਕਮੇ ਦੇ ਸੇਵਾ ਮੁਕਤ ਖੇਤੀ ਮਾਹਿਰਾਂ ਨਾਲ ਰਾਏ ਮਸ਼ਵਰਾ ਕਰਨ ਦੀ ਯੋਜਨਾ ਉਲੀਕੀ ਜਾਵੇਗੀ ਜਿਸ ਨਾਲ ਸਰਬਪੱਖੀ ਪੇਂਡੂ ਵਿਕਾਸ ਦੀ ਗਤੀ ਤੇਜ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਬਕਾ ਮੈਂਬਰ ਪਾਰਲੀਮੈਂਟ ਦੇ ਪੇਂਡੂ ਵਿਕਾਸ ਵਾਲੇ ਸੁਪਨੇ ਦੀ ਪੂਰਤੀ ਲਈ ਮੈਂ ਜੀਅ ਜਾਨ ਲਾ ਦਿਆਂਗਾ।
Post a Comment